Nijjar Murder Case: ਹਰਦੀਪ ਨਿੱਝਰ ਕਤਲ ਕਾਂਡ; ਕੀ ਭਾਰਤ ਤੇ ਕੈਨੇਡਾ ਦਰਮਿਆਨ ਦੁਵੱਲੇ ਰਿਸ਼ਤੇ ਮੁੜ ਤਣਾਅ ਵੱਲ ਵਧ ਰਹੇ?
Advertisement
Article Detail0/zeephh/zeephh2239586

Nijjar Murder Case: ਹਰਦੀਪ ਨਿੱਝਰ ਕਤਲ ਕਾਂਡ; ਕੀ ਭਾਰਤ ਤੇ ਕੈਨੇਡਾ ਦਰਮਿਆਨ ਦੁਵੱਲੇ ਰਿਸ਼ਤੇ ਮੁੜ ਤਣਾਅ ਵੱਲ ਵਧ ਰਹੇ?

Nijjar Murder Case: ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਵਿੱਚ ਬੀਤੇ ਦਿਨੀਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁੜ ਭਾਰਤ ਤੇ ਕੈਨੇਡਾ ਵਿਚਾਲੇ ਖਟਾਸ ਦਾ ਮਾਹੌਲ ਬਣ ਰਿਹਾ ਹੈ। 

Nijjar Murder Case: ਹਰਦੀਪ ਨਿੱਝਰ ਕਤਲ ਕਾਂਡ; ਕੀ ਭਾਰਤ ਤੇ ਕੈਨੇਡਾ ਦਰਮਿਆਨ ਦੁਵੱਲੇ ਰਿਸ਼ਤੇ ਮੁੜ ਤਣਾਅ ਵੱਲ ਵਧ ਰਹੇ?

Nijjar Murder Case: ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਵਿੱਚ ਬੀਤੇ ਦਿਨੀਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁੜ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਾਲਾ ਮਾਹੌਲ ਬਣ ਰਿਹਾ ਹੈ। ਕੈਨੇਡਾ ਵੱਲੋਂ ਭਾਰਤ ਉਤੇ ਨਿੱਝਰ ਹੱਤਿਆਕਾਂਡ ਦੇ ਹੱਥ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ ਜਦਕਿ ਭਾਰਤ ਇਸ ਸਬੰਧੀ ਸਬੂਤ ਮੰਗ ਰਿਹਾ ਹੈ। ਕੈਨੇਡਾ ਵੱਲੋਂ ਸਬੂਤ ਦੇਣ ਦੀ ਬਜਾਏ ਸਿਰਫ਼ ਦੂਸ਼ਣਬਾਜ਼ੀ ਕਾਰਨ ਭਾਰਤ ਵੱਲੋਂ ਪਲਟਵਾਰ ਕੀਤੇ ਜਾ ਰਹੇ ਹਨ।

ਨਿੱਝਰ ਕਤਲ ਮਾਮਲੇ ਵਿੱਚ ਫੜ੍ਹੇ ਤਿੰਨੋਂ ਮੁਲਜ਼ਮ ਪੰਜਾਬ ਦੇ ਵਸਨੀਕ

ਨਿੱਝਰ ਕਤਲਕਾਂਡ ਮਾਮਲੇ ਵਿੱਚ ਅਲਬਰਟਾ ਸੂਬੇ ਦੇ ਐਡਮਿੰਟਨ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਬਰਾੜ, ਕਰਨਪ੍ਰੀਤ ਅਤੇ ਕਰਮਪ੍ਰੀਤ ਸਿੰਘ ਵਜੋਂ ਹੋਈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ 3 ਮਈ ਨੂੰ ਜਿਹੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਸਾਰਿਆਂ ਦਾ ਸਬੰਧ ਭਾਰਤੀ ਪੰਜਾਬ ਨਾਲ ਹੈ। 22 ਸਾਲਾ ਕਰਨ ਬਰਾੜ ਦਾ ਪਿਛੋਕੜ ਫ਼ਰੀਦਕੋਟ ਦਾ ਹੈ, ਜਦਕਿ ਕਰਨਪ੍ਰੀਤ ਗੁਰਦਾਸਪੁਰ ਦਾ ਜੰਮਪਲ਼ ਹੈ। ਤੀਜਾ ਮੁਲਜ਼ਮ 22 ਸਾਲਾ ਕਮਲਪ੍ਰੀਤ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ।

ਆਰਸੀਐਮਪੀ ਤੇ ਆਈਐਚਆਈਟੀ ਨੇ ਸਬੂਤ ਨਹੀਂ ਕੀਤੇ ਸਾਂਝੇ

 ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਕਿਸੇ ਦੇ ਵੀ ਤਾਰ ਭਾਰਤ ਸਰਕਾਰ ਜਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਣ ਸਬੰਧੀ ਕੋਈ ਵੀ ਤੱਥ ਆਰਸੀਐਮਪੀ ਅਤੇ ਨਿੱਝਰ ਕਤਲ ਮਾਮਲੇ ਦੀ ਜਾਂਚ ਕਰ ਰਹੀ ਆਈਐਚਆਈਟੀ ਨੇ ਸਾਂਝਾ ਨਹੀਂ ਕੀਤੇ ਹਨ।  ਕਾਬਿਲੇਗੌਰ ਹੈ ਕਿ ਨਿੱਝਰ ਹੱਤਿਆ ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆਂ ਵਿੱਚ 18 ਜੂਨ 2023 ਨੂੰ ਹੋਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦੇ ਏਜੰਟਾਂ ਉਤੇ ਹੱਤਿਆ ਨੂੰ ਅੰਜਾਮ ਦੇਣ ਦਾ ਦੋਸ਼ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜ੍ਹੇ ਹੋ ਕੇ ਲਗਾਇਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਪਲਟਵਾਰ ਕਰਦੇ ਹੋਏ ਇਸ ਸਬੰਧੀ ਸਬੂਤ ਮੰਗੇ ਸਨ। ਇਸ ਕਾਰਨ ਭਾਰਤ ਤੇ ਕੈਨੇਡਾ ਵਿਚਾਲੇ ਸਬੰਧਾਂ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ ਸੀ।

ਮੇਲਾਨੀਆ ਜੋਲੀ ਨੇ ਮੁੜ ਭਾਰਤ ਉਤੇ ਲਗਾਏ ਦੋਸ਼

ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਹਮੇਸ਼ਾ ਤਰਜੀਹ ਦਿੰਦਾ ਹੈ। ਮੇਲਾਨੀਆ ਜੌਲੀ ਨੇ ਕਿਹਾ ਕਿ ਕੈਨੇਡਾ ਦੀ ਸਥਿਤੀ ਹਮੇਸ਼ਾ ਸਪੱਸ਼ਟ ਰਹੀ ਹੈ। ਉਨ੍ਹਾਂ ਦਾ ਕੰਮ ਕੈਨੇਡੀਅਨਾਂ ਦੀ ਰੱਖਿਆ ਕਰਨਾ ਹੈ ਅਤੇ ਅਸੀਂ ਉਨ੍ਹਾਂ ਦੋਸ਼ਾਂ ਦੇ ਨਾਲ ਖੜ੍ਹੇ ਹਾਂ ਕਿ ਭਾਰਤੀ ਏਜੰਟਾਂ ਵੱਲੋਂ ਕੈਨੇਡੀਅਨ ਧਰਤੀ 'ਤੇ ਇੱਕ ਕੈਨੇਡੀਅਨ ਦਾ ਕਤਲ ਕੀਤਾ ਗਿਆ ਸੀ।

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਓਟਵਾ ਉਨ੍ਹਾਂ ਦੋਸ਼ਾਂ 'ਤੇ ਕਾਇਮ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ 'ਚ ਭਾਰਤੀ ਏਜੰਟ ਸ਼ਾਮਲ ਸਨ। ਨਵੀਂ ਦਿੱਲੀ ਦੀ ਸ਼ਮੂਲੀਅਤ ਨੂੰ ਦਰਸਾਉਣ ਵਾਲੇ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਭਾਰਤ ਵੱਲੋਂ ਨਾਮਜ਼ਦ ਅੱਤਵਾਦੀਆਂ ਨੂੰ ਮਾਰਨ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕ ਵੀ ਅਦਾਲਤ ਵਿੱਚ ਪੇਸ਼ ਹੋਏ। ਐਡਮਿੰਟਨ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਉੱਤੇ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਸਨ।

ਜਸਟਿਨ ਟਰੂਡੋ ਨੇ ਲਗਾਉਂਦੇ ਰਹੇ ਗੰਭੀਰ ਦੋਸ਼

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਈ ਮੌਕਿਆਂ 'ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਭਾਰਤ 'ਤੇ ਦੋਸ਼ ਲਗਾਉਂਦੇ ਰਹੇ ਹਨ। ਨਿੱਝਰ ਦੇ ਕਤਲ ਨੂੰ ਲੈ ਕੇ ਟਰੂਡੋ ਦੇ ਤਾਜ਼ਾ ਬਿਆਨ 'ਤੇ ਭਾਰਤ ਨੇ ਇਕ ਵਾਰ ਫਿਰ ਪ੍ਰਤੀਕਿਰਿਆ ਦਿੱਤੀ ਹੈ।

ਭਾਰਤ ਨੇ ਟਰੂਡੋ ਦੇ ਬਿਆਨ ਉਤੇ ਕੀਤਾ ਪਲਟਵਾਰ

ਭਾਰਤ ਸਰਕਾਰ ਨੇ ਕਿਹਾ ਹੈ ਕਿ ਟਰੂਡੋ ਦੇ ਬਿਆਨ ਨੇ ਇਕ ਵਾਰ ਫਿਰ ਤੋਂ ਦਰਸਾ ਦਿੱਤਾ ਹੈ ਕਿ ਕੈਨੇਡਾ ਵਿਚ ਵੱਖਵਾਦ, ਕੱਟੜਵਾਦ ਅਤੇ ਹਿੰਸਾ ਨੂੰ ਸਿਆਸੀ ਥਾਂ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਪਹਿਲਾਂ ਵੀ ਅਜਿਹੀਆਂ ਟਿੱਪਣੀਆਂ ਕਰ ਚੁੱਕੇ ਹਨ।

ਉਨ੍ਹਾਂ ਦੇ ਬਿਆਨਾਂ ਨੇ ਇੱਕ ਵਾਰ ਫਿਰ ਇਹ ਦਰਸਾ ਦਿੱਤਾ ਹੈ ਕਿ ਕੈਨੇਡਾ ਵਿੱਚ ਕੱਟੜਵਾਦ ਤੇ ਹਿੰਸਾ ਨੂੰ ਸਿਆਸੀ ਥਾਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਭਾਰਤ ਅਤੇ ਕੈਨੇਡਾ ਦੇ ਸਬੰਧ ਪ੍ਰਭਾਵਿਤ ਹੋਣਗੇ ਸਗੋਂ ਇਸ ਨਾਲ ਕੈਨੇਡਾ ਵਿੱਚ ਹਿੰਸਾ ਅਤੇ ਅਪਰਾਧ ਦੇ ਮਾਹੌਲ ਨੂੰ ਵੀ ਹੱਲਾਸ਼ੇਰੀ ਮਿਲੇਗੀ।

ਭਾਰਤ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੰਮਨ ਭੇਜਿਆ ਸੀ

ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਭੇਜੇ ਗਏ ਆਪਣੇ ਸੰਮਨ ਵਿੱਚ ਭਾਰਤ ਨੇ ਜਸਟਿਨ ਟਰੂਡੋ ਦੇ ਪ੍ਰੋਗਰਾਮ ਵਿੱਚ ਖਾਲਿਸਤਾਨ ਪੱਖੀ ਨਾਅਰਿਆਂ ਦਾ ਮੁੱਦਾ ਉਠਾਇਆ ਸੀ। ਭਾਰਤ ਨੇ ਇਸ ਸਮਾਗਮ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ 'ਬੇਲਗਾਮ ਇਜਾਜ਼ਤ ਦੇਣ ਅਤੇ ਜਾਰੀ ਰੱਖਣ' 'ਤੇ ਇਤਰਾਜ਼ ਪ੍ਰਗਟਾਇਆ ਹੈ। ਇੱਕ ਰਿਪੋਰਟ ਮੁਤਾਬਕ ਟੋਰਾਂਟੋ ਵਿੱਚ ਆਯੋਜਿਤ ਸਮਾਗਮ ਵਿੱਚ ਵੱਖਰੇ ਖਾਲਿਸਤਾਨ ਰਾਜ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਗਈ। ਰੈਲੀ ਵਿੱਚ ਮੌਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, "ਅਸੀਂ ਤੁਹਾਡੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ। ਅਸੀਂ ਹਮੇਸ਼ਾ ਤੁਹਾਡੇ ਭਾਈਚਾਰੇ ਨੂੰ ਨਫ਼ਰਤ ਅਤੇ ਵਿਤਕਰੇ ਤੋਂ ਬਚਾਵਾਂਗੇ।" ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਜਸਟਿਨ ਟਰੂਡੋ ਦੀ ਰੈਲੀ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ "ਵਿਸਾਖੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਟੋਰਾਂਟੋ ਵਿੱਚ ਹਜ਼ਾਰਾਂ ਲੋਕਾਂ ਨਾਲ ਇਕੱਠੇ ਹੋਏ ਸਨ।"

ਭਾਰਤੀ ਰਾਜਦੂਤ ਨੇ ਦੋਵੇਂ ਦੇਸ਼ਾਂ ਦਰਮਿਆਨ ਦੁਵੱਲੇ ਰਿਸ਼ਤਿਆਂ ਦੇ ਭਵਿੱਖ ਬਾਰੇ ਗੱਲ ਕਰਨ ਨੂੰ ਦਿੱਤੀ ਤਰਜੀਹ

ਭਾਰਤੀ ਰਾਜਦੂਤ ਨੇ ਕਿਹਾ, “ਲੋਕਾਂ ਨੂੰ ਪਹਿਲੀ ਦਿਲਚਸਪੀ ਇਹ ਸਮਝਣ ਵਿੱਚ ਹੋਵੇਗੀ ਕਿ ਹੁਣ ਕੀ ਹੋ ਰਿਹਾ ਹੈ। ਫਿਰ ਅਸੀਂ ਸਾਡੇ ਦੋ ਦੇਸਾਂ ਦਰਮਿਆਨ, ਦੁਵੱਲੇ ਰਿਸ਼ਤਿਆਂ ਦੇ ਭਵਿੱਖ ਬਾਰੇ ਗੱਲ ਕਰ ਸਕਦੇ ਹਾਂ।”

ਉਨ੍ਹਾਂ ਕਿਹਾ ਕਿ ਕਿਸੇ ਵੀ “ਵੱਡੇ ਰਿਸ਼ਤੇ ਵਾਂਗ ਭਾਰਤ ਅਤੇ ਕੈਨੇਡਾ ਦਰਮਿਆਨ ਵੀ ਕੁਝ ਹਾਂਪੱਖ਼ੀ ਗੱਲਾਂ ਹਨ ਅਤੇ ਕੁਝ ਨਾਂਹਪੱਖ਼ੀ ਪਰ ਹਾਂਪੱਖ਼ੀ ਜ਼ਿਆਦਾ ਹਨ। ਇਸ ਲਈ ਮੈਂ ਪਹਿਲਾਂ ਨਾਂਹਪੱਖਤਾ ਦੀ ਗੱਲ ਕਰਾਂਗਾ।”

ਭਾਰਤੀ ਰਾਜਦੂਤ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਨਕਾਰਤਮਿਕ ਭੂਮਿਕਾ ਮੀਡੀਆ ਵੱਲੋਂ ਕਵਰ ਕੀਤੀਆਂ ਜਾ ਰਹੀਆਂ ਕਹਾਣੀਆਂ ਵੱਲੋਂ ਨਿਭਾਈ ਜਾ ਰਹੀ ਹੈ। ਉਨ੍ਹਾਂ ਵਿੱਚ ਕੁਝ ਰੰਗ ਹੈ ਅਤੇ ਕੁਝ ਤੱਥ ਵੀ ਹੋਣਗੇ।

ਉਨ੍ਹਾਂ ਨੇ ਕਿਹਾ, “ਅੱਜ ਜੋ ਹੋ ਰਿਹਾ ਹੈ ਅਤੇ ਜੋ ਬਹੁਤ ਕੁਝ ਤੁਸੀਂ ਪੜ੍ਹਦੇ ਹੋ, ਉਸਦਾ ਸੋਮਾ ਭਾਰਤ ਦੀਆਂ ਚਿੰਤਾਵਾਂ ਪ੍ਰਤੀ ਸਮਝ ਦੀ ਕਮੀ ਵਿੱਚ ਹੈ।"

ਅਮਰੀਕਾ ਨੇ ਵੀ ਭਾਰਤ ਉਤੇ ਬੋਲਿਆ ਹਮਲਾ

ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਅਮਰੀਕਾ ਨੇ ਵੀ ਭਾਰਤ 'ਤੇ ਨਿਸ਼ਾਨਾ ਸਾਧਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਭਾਰਤ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਕੈਨੇਡੀਅਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਨਿੱਝਰ ਕਤਲ ਕੇਸ ਵਿਚ ਤਿੰਨ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਦੇ ਇਸ ਦਾਅਵੇ 'ਤੇ ਜਵਾਬ ਦਿੱਤਾ ਹੈ ਅਤੇ ਇਸ ਨੂੰ ਕੈਨੇਡਾ ਦਾ ਅੰਦਰੂਨੀ ਮਾਮਲਾ ਦੱਸਿਆ ਹੈ। ਭਾਰਤ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਕੋਈ ਸਬੂਤ ਸਾਂਝਾ ਕਰਦਾ ਹੈ ਤਾਂ ਉਹ ਜਾਂਚ ਲਈ ਤਿਆਰ ਹੈ।

ਭਾਰਤ ਵਿੱਚ ਲੋੜੀਂਦਾ ਸੀ ਹਰਦੀਪ ਨਿੱਝਰ

ਹਰਦੀਪ ਨਿੱਝਰ ਭਾਰਤੀ ਏਜੰਸੀਆਂ ਦੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸਦਾ ਨਾਮ ਭਾਰਤ ਵਿੱਚ ਹਿੰਸਾ ਤੇ ਅਪਰਾਧ ਦੇ ਕਈ ਮਾਮਲਿਆਂ ਵਿੱਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਉਸਨੂੰ ਲੋੜੀਂਦੇ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਹਰਦੀਪ ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦਾ ਮੁਖੀ ਸੀ। ਉਹ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜੇ ਪਿੰਡ ਭਾਰਸਿੰਘਪੁਰ ਦਾ ਰਹਿਣ ਵਾਲਾ ਸੀ ਅਤੇ ਕਾਫੀ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ।

ਅੱਤਵਾਦੀ ਹਰਦੀਪ ਸਿੰਘ ਨਿੱਝਰ ਪੰਜਾਬ 'ਚ ਟਾਰਗੇਟ ਕਿਲਿੰਗ ਕਰਵਾਉਂਦੇ ਸਨ। ਇਸ ਤੋਂ ਇਲਾਵਾ ਨਿੱਝਰ ਅਮਰੀਕਾ, ਬਰਤਾਨੀਆ, ਜਰਮਨੀ ਅਤੇ ਕੈਨੇਡਾ ਵਿਚ ਭਾਰਤੀ ਮਿਸ਼ਨਾਂ ਦੇ ਬਾਹਰ ਭਾਰਤ ਵਿਰੋਧੀ ਪ੍ਰਦਰਸ਼ਨਾਂ ਦਾ ਆਯੋਜਨ ਕਰਦਾ ਸੀ, ਇਨ੍ਹਾਂ ਪ੍ਰਦਰਸ਼ਨਾਂ ਵਿੱਚ ਉਹ ਭਾਰਤ ਵਿਰੁੱਧ ਝੂਠ ਦਾ ਪ੍ਰਚਾਰ ਕਰਦਾ ਸੀ। ਐਨਆਈਏ ਨੇ ਹਰਦੀਪ ਸਿੰਘ ਨਿੱਝਰ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

Trending news